June 23, 2024 09:54:54

 ਵਿਸ਼ਵ ਭਰ ਦੇ ਸੈਲਾਨੀਆਂ ਦੇ ਨਿੱਘੇ ਸਵਾਗਤ ਲਈ  ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ  

Sep7,2023 | Surinder Dalla | Chandigarh

ਟੂਰਜਿਮ ਸਮਿ ਦੌਰਾਨ ਰਾਜ ਦੇ ਸੈਰ-ਸਪਾਟੇ ਨਾਲ ਸਬੰਧਤ ਖਜਾਨੇ ਨੂੰ ਕੀਤਾ ਜਾਵੇਗਾ  ਪ੍ਰਦਰਸ਼ਿਤ 


•     ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ 11 ਸਤੰਬਰ ਤੋਂ ਪਹਿਲੇ ਪੰਜਾਬ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ 2023 ਦਾ ਕੀਤਾ ਐਲਾਨ 

•     ਕਿਹਾ, ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਵਾਲੀਆਂ ਥਾਵਾਂ ਦੀ ਪਹਿਚਾਣ ਕਰਕੇ ਸੈਲਾਨੀਆਂ ਲਈ ਕੀਤਾ ਗਿਆ ਤਿਆਰ 

•     ਸੈਰ-ਸਪਾਟਾ ਸੰਮੇਲਨ ਪੰਜਾਬ ਦੀ ਆਰਥਿਕਤਾ ਨੂੰ ਹੋਰ ਉੱਚਾ ਚੁੱਕਣ ਵਿੱਚ ਨਿਭਾਏਗਾ ਅਹਿਮ ਭੂਮਿਕਾ 

"ਪਹਿਲਾ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ 2023" ਸੂਬੇ ਦੇ ਸੈਰ ਸਪਾਟੇ ਲਈ ਨਵੇਂ ਰਾਹ ਖੋਲ੍ਹ ਦੇਵੇਗਾਂ ਉਕਤ ਪ੍ਰਗਟਾਵਾ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ। 
 ਉਹ ਅੱਜ  ਇੱਥੇ 11 ਤੋਂ 13 ਸਤੰਬਰ, 2023 ਤੱਕ ਹੋਣ ਵਾਲੇ "ਪਹਿਲੇ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ 2023" ਸਬੰਧੀ  ਪ੍ਰੈਸ ਕਾਨਫਰੰਸ ਨੂੰ ਸਬੋਧਨ ਕਰ ਰਹੇ ਸਨ।

ਅੱਜ ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਸੂਬੇ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਫਰਵਰੀ ਮਹੀਨੇ ਵਿੱਚ ਆਈ.ਐਸ.ਬੀ. ਮੋਹਾਲੀ ਵਿਖੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੌਰਾਨ ਇਸ ਸਮਾਗਮ ਬਾਰੇ ਐਲਾਨ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਦੀ ਵਚਨਬੱਧਤਾ ਮੁਤਾਬਕ ਇਸ ਸੰਮੇਲਨ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 

ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਪੰਜਾਬ ਟੂਰਿਜ਼ਮ ਸਮਿਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਟੂਰਿਜ਼ਮ ਸਮਿਟ ਸੂਬੇ ਦੀਆਂ ਆਰਥਿਕ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਹਨਾਂ ਕਿਹਾ ਕਿ ਵੱਡੇ ਪੱਧਰ ਤੇ ਸੈਰ ਸਪਾਟੇ ਨਾਲ ਸਬੰਧਤ ਕਾਰੋਬਾਰੀ ਪੰਜਾਬ ਰਾਜ ਵਿੱਚ ਨਿਵੇਸ਼ ਕਰਨ ਦੀ ਇੱਛਾ ਜਾਹਰ ਕਰਨ ਦੇ ਨਾਲ ਨਾਲ ਵਾਅਦਾ ਵੀ ਕਰ ਚੁੱਕੇ ਹਨ। 

ਅਨਮੋਲ ਗਗਨ ਮਾਨ ਨੇ ਕਿਹਾ ਕਿ ਸੈਰ-ਸਪਾਟਾ ਸਿਰਫ਼ ਇੱਕ ਉਦਯੋਗ ਨਹੀਂ ਹੈ; ਇਹ ਸਾਡੀ ਵਿਰਾਸਤ ਦਾ ਇੱਕ ਝਰੋਖਾ ਵੀ ਹੈ ਅਤੇ ਸਾਡੀ ਪ੍ਰਾਹੁਣਚਾਰੀ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸੈਰ ਸਪਾਟਾ ਦੇ ਮਾਨਚਿੱਤਰ ਉਤੇ ਪੰਜਾਬ ਰਾਜ ਦੁਨੀਆਂ ਭਰ ਵਿਚ ਪਹਿਲਾਂ ਹੀ ਇਕ ਖਾਸ ਸਥਾਨ ਰੱਖਦਾ ਹੈ ਪਰ ਪੰਜਾਬ ਰਾਜ ਨੂੰ ਕੁਦਰਤ ਵਲੋਂ ਬਖਸ਼ੀ ਖੂਬਸੂਰਤੀ ਤੋਂ ਦੇਸ਼ ਦੁਨੀਆਂ ਦੇ ਲੋਕ ਬੇਖ਼ਬਰ ਹਨ ਹਨ। ਹੁਣ ਇਸ ਪੰਜਾਬ ਟੂਰਿਜ਼ਮ ਸਮਿਟ ਜ਼ਰੀਏ, ਅਸੀਂ ਵਿਸ਼ਵ ਅੱਗੇ ਪੰਜਾਬ ਦੀਆਂ ਹੁਣ ਤੱਕ ਅਣਛੋਹੀਆਂ ਰਹੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਾਂਗੇ ਜੋ ਕਿ ਸਾਡੇ ਅਮੀਰ ਵਿਰਸੇ ਅਤੇ ਪ੍ਰਾਹੁਣਚਾਰੀ ਦੀ ਭਾਵਨਾ ਨੂੰ ਵੀ ਦਰਸਾਉਂਦਿਆਂ ਹਨ।

ਸੈਰ-ਸਪਾਟਾ ਅਭਿਆਸਾਂ ਪ੍ਰਤੀ ਸਰਕਾਰ ਦੇ ਸਮਰਪਿਤ ਭਾਵਨਾ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਈਕੋ-ਟੂਰਿਜ਼ਮ ਪਹਿਲਕਦਮੀਆਂ ਨੂੰ ਵਿਕਸਤ ਕਰਨ ਲਈ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਅੱਗੇ ਕਿਹਾ ਕਿ ਆਪਣੀ ਵਚਨਬੱਧਤਾ ਤਹਿਤ ਅਸੀਂ ਕੁਦਰਤੀ ਸੁੰਦਰਤਾ ਦੀ ਸੰਭਾਲ ਕਰਦਿਆਂ ਸੂਬੇ ਦੇ ਦਰਿਆਵਾਂ, ਡੈਮਾਂ, ਜੰਗਲਾਂ ਅਤੇ ਪਹਾੜਾਂ ਨੂੰ ਸੈਲਾਨੀਆਂ ਲਈ ਖੋਲ੍ਹ ਰਹੇ ਹਾਂ।
ਇਸ ਯਤਨ ਲਈ ਚੁੱਕੇ ਗਏ ਠੋਸ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਸੈਰ-ਸਪਾਟੇ ਦੀ ਸੰਭਾਵਨਾ ਵਾਲੀਆਂ ਵੱਖ-ਵੱਖ ਥਾਵਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਹਨਾਂ ਨੂੰ ਸੈਲਾਨੀਆਂ ਲਈ ਤਿਆਰ ਕੀਤੀਆਂ ਜਾ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ ਅਸੀਂ ਇਹਨਾਂ ਥਾਵਾਂ 'ਤੇ ਢੁਕਵਾਂ ਬੁਨਿਆਦੀ ਢਾਂਚਾ ਅਤੇ ਹੋਰਨਾਂ ਸੇਵਾਵਾਂ ਮੁਹੱਈਆ ਕਰਵਾ ਕੇ ਸੈਲਾਨੀਆਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਬੱਧ ਹਾਂ।

ਉਨ੍ਹਾਂ ਕਿਹਾ ਕਿ ਵੱਡੇ ਨਿਵੇਸ਼ਕ ਸੈਰ ਸਪਾਟਾ ਸੰਮੇਲਨ ਵਿੱਚ ਸਰਗਰਮੀ ਨਾਲ ਹਿੱਸਾ ਲੈਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਾਂਝੇਦਾਰੀਆਂ ਪੰਜਾਬ ਦੇ ਸੈਰ ਸਪਾਟਾ ਖੇਤਰ ਦੇ ਵਿਕਾਸ ਅਤੇ ਸੰਭਾਵਨਾਵਾਂ ਨੂੰ ਅੱਗੇ ਤੋਰਨਗੀਆਂ।

ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ, ਜੋ ਕਿ 11 ਤੋਂ 13 ਸਤੰਬਰ, 2023 ਤੱਕ ਐਸ.ਏ.ਐਸ.ਨਗਰ ਮੁਹਾਲੀ ਦੇ ਐਮਿਟੀ ਕੈਂਪਸ ਵਿੱਚ ਹੋਣ ਜਾ ਰਿਹਾ ਹੈ, ਵਿੱਚ ਦੇਸ਼ ਭਰ ਦੇ ਸੈਰ ਸਪਾਟਾ ਭਾਈਵਾਲਾਂ ਅਤੇ ਨਿਵੇਸ਼ਕਾਂ ਦਾ ਇੱਕ ਮਹੱਤਵਪੂਰਨ ਇਕੱਠ ਹੋਣ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਇਹ ਸਮਾਗਮ ਸੈਰ-ਸਪਾਟੇ ਖੇਤਰ ਵਿੱਚ ਪੰਜਾਬ ਦੀਆਂ ਭਰਪੂਰ ਸੰਭਾਵਨਾ ਨੂੰ ਦਰਸਾਉਣ ਲਈ ਇੱਕ ਵਿਲੱਖਣ ਮੰਚ ਪ੍ਰਦਾਨ ਕਰੇਗਾ।

ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਅਸੀਂ ਇਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਕੋਨੇ-ਕੋਨੇ ਤੋਂ ਸੈਰ ਸਪਾਟਾ ਭਾਈਵਾਲਾਂ ਅਤੇ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਪੰਜਾਬ ਵਿੱਚ ਸੈਰ-ਸਪਾਟੇ ਦੇ ਮੌਕਿਆਂ ਦਾ ਇੱਕ ਗਤੀਸ਼ੀਲ  ਪ੍ਰਦਰਸ਼ਨ ਹੋਵੇਗਾ।

ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨਿਵੇਸ਼ਕਾਂ ਅਤੇ ਟੂਰ ਆਪਰੇਟਰਾਂ ਵਿਚਕਾਰ ਨਿਰਵਿਘਨ ਸੰਚਾਰ ਦੀ ਸਹੂਲਤ ਦੇ ਉਦੇਸ਼ ਨਾਲ ਇੱਕ ਸਮਰਪਿਤ ਮੋਬਾਈਲ ਐਪਲੀਕੇਸ਼ਨ ਲਾਂਚ ਕਰਨ ਦੀ ਪ੍ਰਕਿਰਿਆ ਵਿੱਚ ਹੈ। ਉਹਨਾਂ ਕਿਹਾ ਕਿ ਇਹ ‘ਐਪ’ ਸਾਡੇ ਰਾਜ ਦੀ ਸੈਰ-ਸਪਾਟਾ ਸੰਭਾਵਨਾ ਵਿੱਚ ਨਿਵੇਸ਼ ਕਰਨ ਦੇ ਇੱਛੁਕ ਲੋਕਾਂ ਅਤੇ ਯਾਤਰੀਆਂ ਨੂੰ ਵਿਲੱਖਣ ਅਨੁਭਵ ਦੇਣ ਦੀ ਕੋਸ਼ਿਸ਼ ਕਰਨ ਵਾਲੇ ਟੂਰ ਆਪਰੇਟਰਾਂ ਲਈ ਇੱਕ ਵਨ-ਸਟਾਪ ਪਲੇਟਫਾਰਮ ਵਜੋਂ ਕੰਮ ਕਰੇਗੀ।

ਇਹ ਸੰਮੇਲਨ 11 ਸਤੰਬਰ ਨੂੰ ਸ਼ੁਰੂ ਹੋਵੇਗਾ, ਇਸ ਤੋਂ ਬਾਅਦ 11 ਤੋਂ 13 ਸਤੰਬਰ 2023 ਤੱਕ ਪੰਜਾਬ ਟਰੈਵਲ ਮਾਰਟ 
ਦਾ ਆਗਾਜ਼ ਹੋਵੇਗਾ। ਇਸ ਤੋਂ ਇਲਾਵਾ, 13 ਸਤੰਬਰ 2023 ਤੋਂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਕਪੂਰਥਲਾ ਅਤੇ ਪਠਾਨਕੋਟਕ ਦੀ  ਜਾਣ-ਪਛਾਣ ਕਰਾਉਣ ਲਈ ਫੈਮੀਲੀਅਰਾਈਜੇਸ਼ਨ ਟਰਿੱਪ(ਐਫ.ਏ.ਐਮ.) ਸ਼ੁਰੂ ਹੋਣਗੇ।

ਮੰਤਰੀ ਅਨਮੋਲ ਗਗਨ ਮਾਨ ਨੇ ‘ਸਵਦੇਸ਼ ਦਰਸ਼ਨ ਸਕੀਮ’ ਦੇ ਵਿਰਾਸਤੀ ਸਰਕਟ ਥੀਮ ਤਹਿਤ 91.55 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਤੋਂ ਇਲਾਵਾ ਪੰਜਾਬ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਸਰਕਾਰ ਵੱਲੋਂ ਕੀਤੀਆਂ ਸ਼ਾਨਦਾਰ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ।  ਇਨ੍ਹਾਂ ਪ੍ਰੋਜੈਕਟਾਂ, ਜਿਹਨਾਂ ਦੇ ਦਸੰਬਰ 2023 ਤੱਕ ਮੁਕੰਮਲ ਹੋਣ ਦੀ ਆਸ ਹੈ, ਲਈ 67.00 ਕਰੋੜ ਰੁਪਏ  ਦੀ  ਪ੍ਰਭਾਵਸ਼ਾਲੀ ਰਾਸ਼ੀ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੀ ਹੈ।

ਪ੍ਰਕਿਰਿਆਵਾਂ ਨੂੰ ਹੋਰ ਸੁਚਾਰੂ ਬਣਾਉਣ ਦੇ ਮੱਦੇਨਜ਼ਰ  ਅਨਮੋਲ ਗਗਨ ਮਾਨ ਨੇ ਕਿਹਾ ਕਿ ਰਾਜ ਸਰਕਾਰ ਨੇ ਲੋਕਾਂ ਅਤੇ ਕਾਰੋਬਾਰਾਂ ’ਤੇ ਪ੍ਰਕਿਰਿਆਵਾਂ ਦਾ ਵਾਧੂ ਬੋਝ  ਘਟਾਉਣ ਲਈ ਤਿੰਨ ਸਕੀਮਾਂ ਜਿਵੇਂ ਕਿ ਫਾਰਮ ਸਟੇਅ, ਬੈੱਡ ਐਂਡ ਬ੍ਰੇਕਫਾਸਟ ਹੋਮਸਟੇਅ ਅਤੇ ਟੈਂਟਡ ਅਕੰਮੂਡੇਸ਼ਨ ਅਤੇ ਕੈਂਪਿੰਗ ਸਾਈਟਾਂ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਵਿਭਾਗ ਕੋਲ 56 ਫਾਰਮ ਹਾਊਸ ਪ੍ਰਾਪਰਟੀਜ਼, 84 ਬੈੱਡ ਐਂਡ ਬ੍ਰੇਕਫਾਸਟ ਯੂਨਿਟ ਅਤੇ 7 ਟੈਂਟਡ ਰਿਹਾਇਸ਼ ਯੂਨਿਟ ਰਜਿਸਟਰਡ ਹਨ।

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਵੱਖ-ਵੱਖ ਤਿਉਹਾਰਾਂ ਅਤੇ ਸਮਾਗਮਾਂ ਦੀ ਮੇਜ਼ਬਾਨੀ ਲਈ ਪਹਿਲਾਂ ਹੀ ਸਰੋਤ ਅਲਾਟ ਕੀਤੇ ਹਨ, ਜਿਵੇਂ ਕਿ 6ਵਾਂ ਮਿਲਟਰੀ ਲਿਟਰੇਚਰ ਫੈਸਟੀਵਲ, ਜ਼ਿਲ੍ਹਾ ਫਰੀਦਕੋਟ ਦੀ 50ਵੀਂ ਵਰ੍ਹੇਗੰਢ ਮਨਾਉਣ ਅਤੇ ਸੂਬੇ ਦੀ ਕਲਾ ਅਤੇ ਸੱਭਿਆਚਾਰ ਨੂੰ ਪ੍ਰਫੱਲਿਤ ਕਰਨ ਲਈ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ ਨਾਲ ਐਮਓਯੂ (ਸਮਝੌਤਾ)ਸਹੀਬੱਧ ਕੀਤਾ ਗਿਆ ਹੈ।

ਮੰਤਰੀ ਅਨਮੋਲ ਗਗਨ ਮਾਨ ਨੇ 2023-24 ਲਈ ਆਗਾਮੀ ਪਹਿਲਕਦਮੀਆਂ, ਜਿਸ ਵਿੱਚ ਬਾਰਡਰ ਟੂਰਿਜ਼ਮ, ਐਂਗਲੋ-ਸਿੱਖ ਵਾਰ ਮਿਊਜ਼ੀਅਮ ਨੂੰ ਅਪਗ੍ਰੇਡ ਕਰਨਾ, ਸ਼ਹੀਦ ਭਗਤ ਸਿੰਘ ਸਟਰੀਟ ਦਾ ਸੁਧਾਰ ਅਤੇ ਵੈਲਨੈਸ ਟੂਰਿਜ਼ਮ ਅਤੇ ਸਭਿਆਚਾਰਕ ਨੀਤੀਆਂ ਦੀ ਸ਼ੁਰੂਆਤ ਸ਼ਾਮਲ ਹੈ, ਬਾਰੇ ਵੀ ਜਾਣਕਾਰੀ ਦਿੱਤੀ।

The-Punjab-Government-Is-Fully-Prepared-For-The-Warm-Welcome-Of-Tourists-From-All-Over-The-World


About Us


Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Surinder Dalla (Editor)

We are Social


Address


Pro Khabar
Haibowal Kalan, Ludhiana.
Mobile: +919855800879
Email: prokhabarpunjab@gmail.com

Copyright Pro Khabar | 2023
Website by: Webhead