June 23, 2024 10:19:16

ਸਿਰਮੌਰ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੂੰ ਨਮ ਨੇਤਰਾਂ ਨਾਲ ਹਜ਼ਾਰਾਂ ਪ੍ਰਸੰਸਕਾਂ, ਕਲਾਕਾਰਾਂ ਤੇ ਲੇਖਕਾਂ ਨੇ ਅੰਤਿਮ ਵਿਦਾਇਗੀ ਦਿੱਤੀ

Jul30,2023 | Surinder Dalla | Ludhiana
ਸਿਰਮੌਰ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੂੰ ਨਮ ਨੇਤਰਾਂ ਨਾਲ ਹਜ਼ਾਰਾਂ ਪ੍ਰਸੰਸਕਾਂ, ਕਲਾਕਾਰਾਂ ਤੇ ਲੇਖਕਾਂ ਨੇ ਅੱਜ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਵਿੱਚ ਅੰਤਿਮ ਵਿਦਾਇਗੀ ਦਿੱਤੀ।
ਉਨ੍ਹਾਂ ਦੀ ਚਿਤਾ ਨੂੰ ਉਨ੍ਹਾਂ ਦੇ ਸਪੁੱਤਰਾਂ ਮਨਿੰਦਰ ਸ਼ਿੰਦਾ ਤੇ ਸਿਮਰਨ ਛਿੰਦਾ ਨੇ ਅਗਨ ਵਿਖਾਈ। ਸੁਰਿੰਦਰ ਛਿੰਦਾ ਦੇ ਸਤਿਕਾਰਯੋਗ ਮਾਤਾ ਜੀ ਵਿਦਿਆ ਦੇਵੀ, ਜੀਵਨ ਸਾਥਣ ਜੇਗਿੰਦਰ ਕੌਰ, ਦੋਵੇਂ ਬੇਟੀਆਂ ਤੇ ਛਿੰਦਾ ਜੀ ਦੇ ਵੀਰਾਂ ਦਾ ਵਿਰਲਾਪ ਨਹੀਂ ਸੀ ਝੱਲਿਆ ਜਾ ਰਿਹਾ।
ਸੁਰਿੰਦਰ ਛਿੰਦਾ ਦੀਆਂ ਅਮਰ ਸੰਗੀਤ ਪੇਸ਼ਕਾਰੀਆਂ, ਉੱਚਾ ਬੁਰਜ ਲਾਹੌਰ ਦਾ, ਨਾਣਾਂ ਦੇ ਵਣਜਾਰੇ,ਤੀਆਂ ਲੌਂਗੋਵਾਲ ਦੀਆਂ, ਜਿਉਣਾ ਮੌੜ, ਜੱਟ ਮਿਰਜ਼ਾ ਖ਼ਰਲਾਂ ਦਾ, ਪੁੱਤ ਜੱਟਾਂ ਦੇ ਅਤੇ ਹੋਰ ਰੀਕਾਰਡਜ਼ ਤੇ ਕੈਸਿਟਸ ਦੇ ਸੰਗੀਤਕਾਰ ਚਰਨਜੀਤ ਆਹੂਜਾ ਨੇ ਕਿਹਾ ਕਿ ਸੁਰਿੰਦਰ ਛਿੰਦਾ ਬੱਬਰ ਸ਼ੇਰ ਗਵੱਈਆ ਸੀ। ਜੇ ਕੁਲਦੀਪ ਮਾਣਕ ਕਲੀਆਂ ਦਾ ਬਾਦਸ਼ਾਹ ਸੀ ਤਾਂ ਸੁਰਿੰਦਰ ਛਿੰਦਾ ਲੋਕ ਗਾਥਾਵਾਂ ਦੀ ਸ਼ਹਿਨ਼ਸ਼ਾਹ ਸੀ। ਉਹ ਸੋਲੋ ਗਾਇਕੀ ਤੇ ਦੋਗਾਣਾ ਗਾਇਕੀ ਵਿੱਚ ਬਰਾਬਰ ਦੀ ਸਮਰਥਾ ਨਾਲ ਗਾਉਣ ਵਾਲਾ ਗਵੱਈਆ ਸੀ। ਸੁਰਿੰਦਰ ਛਿੰਦਾ ਬਾਰੇ ਗੱਲ ਕਰਦਿਆਂ ਉਸ ਦੇ ਪਿਛਲੇ ਪੰਜੱਹ ਸਾਲਾਂ ਤੋਂ ਨੇੜਲੇ ਮਿੱਤਰ ਪ੍ਰੋਃ ਗੁਰਭਜਨ ਸਿੰਘ ਗਿੱਲ, ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ ਉਸਤਾਦ ਜਸਵੰਤ ਭੰਵਰਾ ਜੀ ਦੇ ਸ਼ਾਗਿਰਦਾਂ ਵਿੱਚੋਂ ਸੁਰਿੰਦਰ ਛਿੰਦਾ ਇਕੱਲਾ ਕਲਾਕਾਰ ਸੀ ਜਿਸ ਨੇ ਮਰਦੇ ਦਮ ਤੀਕ ਉਸਤਾਦ ਸ਼ਾਗਿਰਦ ਪਰੰਪਰਾ ਦਾ ਧਰਮ ਨਿਭਾਇਆ। ਪੰਜਾਬੀ ਭਵਨ ਦੇ ਬਾਹਰ ਆਪਣੇ ਉਸਤਾਦ ਭੰਵਰਾ ਜੀ ਦਾ ਬੁੱਤ ਲਾਉਣਾ ਇਸ ਗੱਲ ਦੀ ਰੌਸ਼ਨ ਮਿਸਾਲ ਹੈ।
ਪੰਜਾਬੀ ਲੇਖਕ ਤੇ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਅੱਧੀ ਸਦੀ ਦੋਸਤੀ ਨਿਆਉਂਦਿਆਂ ਕਈ ਖੱਟੇ ਮਿੱਠੇ ਤਜ਼ਰਬੇ ਮਾਣੇ ਪਰ ਮੁਹੱਬਤ ਦੀ ਤੰਦ ਕਦੇ ਫਿੱਕੀ ਨਾ ਪਈ। ਉਸ ਦੀ ਆਖ਼ਰੀ ਰੀਝ ਕਿ ਉਹ ਮੇਰੇ ਗੀਤਾਂ ਦੀ ਪੂਰੀ ਐਲਬਮ ਰੀਕਾਰਡ ਕਰੇ, ਅਧੂਰੀ ਰਹਿਣ ਦਾ ਮੈਨੂੰ ਵੀ ਅਫ਼ਸੋਸ ਰਹੇਗਾ। ਉਹ ਤੂਤ ਦੇ ਮੋਛੇ ਵਰਗਾ ਨਿੱਗਰ ਯਾਰ ਸੀ।
ਉਸਤਾਦ ਜਸਵੰਤ ਭੰਵਰਾ ਦੇ ਗੱਦੀ ਨਸ਼ੀਨ ਬਾਬਾ ਜ਼ੋਰਾ ਸਿੰਘ ਧਰਮਕੋਟ ਵਾਲਿਆਂ ਨੇ ਕਿਹਾ ਕਿ ਅੱਜ ਸਾਡਾ ਸਮਰਥਾਵਾਨ ਸਾਥੀ ਸਾਨੂੰ ਨਿਆਸਰਾ ਕਰਕੇ ਤੁਰ ਗਿਆ ਹੈ।
ਪੰਜਾਬ ਦੇ ਸਾਬਕਾ ਮੰਤਰੀ ਸਃ ਮਲਕੀਤ ਸਿੰਘ ਦਾਖਾ ਤੇ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸੁਰਿੰਦਰ ਛਿੰਦਾ ਸਿਰਫ਼ ਲੋਕ ਗਾਇਕ ਨਹੀਂ ਸੀ, ਸਗੋਂ ਯਾਰਾਂ ਦਾ ਯਾਰ ਸੀ। ਉਸ ਪੰਜਾਬ ਵਿੱਚ ਆਖਰੀ ਅਖਾੜਾ ਲੋਹੜੀ ਮੇਲੇ ਤੇ ਪੰਜਾਬੀ ਭਵਨ ਲੁਧਿਆਣਾ ਚ ਲਗਾਇਆ, ਜੋ ਕਿ ਉਸ ਦੀ ਬੁਲੰਦ ਪੇਸ਼ਕਾਰੀ ਸਦਕਾ ਚਿਰਾਂ ਤੀਕ ਯਾਦ ਰਹੇਗਾ। ਦਾਦ ਪਿੰਡ ਦੇ ਸਰਪੰਚ ਤੇ ਸੁਰਿੰਦਰ ਛਿੰਦਾ ਦੇ ਨਜ਼ਦੀਕੀ ਮਿੱਤਰ ਜਗਦੀਸ਼ਪਾਲ ਸਿੰਘ ਗਰੇਵਾਲ,ਗੁਰਨਾਮ ਸਿੰਘ ਧਾਲੀਵਾਲ ਠੱਕਰਵਾਲ, ਸੁਰਿੰਦਰਪਾਲ ਸਿੰਘ ਬਿੰਦਰਾ,ਸੀਨੀਅਰ ਬੀ ਜੇ ਪੀ ਆਗੂ ਅਮਰਜੀਤ ਸਿੰਘ ਟਿੱਕਾ, ਗੁਰਦੇਵ ਸਿੰਘ ਲਾਪਰਾਂ,ਛਿੰਦਾ ਦੇ ਸਕੂਲ ਸਹਿਪਾਠੀ ਡਾਃ ਨਰਿੰਦਰ ਸਿੰਘ ਇੱਛਪੁਨਾਨੀ, ਰਾਜਿੰਦਰ ਸਿੰਘ ਬਸੰਤ,ਸੀਨੀਅਰ ਅਕਾਲੀ ਆਗੂ ਮਾਨ ਸਿੰਘ ਗਰਚਾ, ਸਮਾਜਿਕ ਕਾਰਕੁਨ ਇੰਦਰਮੋਹਨ ਸਿੰਘ ਕਾਕਾ,ਹਰਮੋਹਨ ਸਿੰਘ ਗੁੱਡੂ,
ਪੰਜਾਬ ਦੇ ਸਾਬਕਾ ਸਭਿਆਚਾਰ ਤੇ ਜੇਲ੍ਹ ਮੰਤਰੀ ਸਃ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਛਿੰਦਾ ਮੇਰਾ ਨਿੱਕਾ ਵੀਰ ਸੀ, ਜਿਸਨੇ ਪੰਜਾਬ ਦੀ ਸੱਭਿਆਚਾਰ ਨੀਤੀ ਦੇ ਮੁੱਢਲੇ ਡਰਾਫਟ ਦੀ ਤਿਆਰੀ ਵਿੱਚ ਮੇਰੀ ਮਦਦ ਕੀਤੀ। ਉਸ ਦੀਆਂ ਸੇਵਾਵਾਂ ਨੂੰ ਪੰਜਾਬੀਆਂ ਦੇ ਨਾਲ ਨਾਲ ਰਾਮਗੜੀਆ ਸਮਾਜ ਵੀ ਹਮੇਸ਼ਾਂ ਚੇਤੇ ਰੱਖੇਗਾ।
ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਕਿਹਾ ਕਿ ਸੁਰਿੰਦਰ ਛਿੰਦਾ ਦੇ ਜਾਣ ਨਾਲ ਪੰਜਾਬੀ ਲੋਕ ਸੰਗੀਤ ਦਾ ਉੱਚਾ ਬੁਰਜ ਢਹਿ ਗਿਆ ਹੈ।
ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਪੁਸ਼ਪ ਮਾਲਾ ਭੇਟ ਕੀਤੀ। ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਤੇ ਸਃ ਮਨਪ੍ਰੀਤ ਸਿੰਘ ਅਯਾਲੀ ਨੇ ਵੀ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੰਜਾਬ ਦੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ, ਖੇਤੀ ਮੰਤਰੀ ਸਃ ਗੁਰਮੀਤ ਸਿੰਘ ਖੁੱਡੀਆਂ ਤੇ ਲੋਕ ਗਾਇਕ ਜਸਬੀਰ ਜੱਸੀ ਨੇ ਵੀ ਟੈਲੀਫੋਨ ਰਾਹੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਉਲੰਪੀਅਨ ਸੁਰਜੀਤ ਸਿੰਘ ਸਪੋਰਟਸ ਐਸੋਸੀਏਸ਼ਨ ਫਾਉਂਡੇਸ਼ਨ ਦੇ ਵਫ਼ਦ ਨੇ ਸਃ ਨਿਸ਼ਾਨ ਸਿੰਘ ਰੰਧਾਵਾ ਜਨਰਲ ਸਕੱਤਰ, ਪ੍ਰਿੰਸੀਪਲ ਮੁਸ਼ਤਾਕ ਮਸੀਹ,ਭੁਪਿੰਦਰ ਸਿੰਘ ਡਿੰਪਲ ਤੇ ਸਾਥੀਆਂ ਨੇ ਸੁਰਿੰਦਰ ਛਿੰਦਾ ਨੂੰ ਦੋਸ਼ਾਲਾ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ।
ਮਨਪ੍ਰੀਤ ਸਿੰਘ ਅਯਾਲੀ ਨੇ ਕਿਹਾ ਕਿ ਸਾਡਾ ਦੋਹਾਂ ਦਾ ਇੱਕੋ ਪਿੰਡ ਸੀ ਤੇ ਆਪਣੇ ਪਿੰਡ ਵਾਸੀਆਂ ਨਾਲ ਮਸ਼ਵਰਾ ਕਰਕੇ ਸੁਰਿੰਦਰ ਛਿੰਦਾ ਦੀ ਢੁਕਵੀਂ ਯਾਦਗਾਰ ਅਯਾਲੀ ਖੁਰਦ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕਰਾਂਗੇ।
ਇਲ ਮੌਕੇ ਫਿਲਮ ਅਦਾਕਾਰ ਗੁੱਗੂ ਗਿੱਲ, ਹੌਬੀ ਧਾਲੀਵਾਲ, ਫਿਲਮ ਪੁੱਤ ਜੱਟਾਂ ਦੇ ਪ੍ਰੋਡਿਊਸਰ ਇਕਬਾਲ ਸਿੰਘ ਢਿੱਲੋਂ,ਉੱਘੀ ਲੋਕ ਗਾਇਕਾ ਰਣਜੀਤ ਕੌਰ, ਸੁੱਖੀ ਬਰਾੜ,ਰਾਖੀ ਹੁੰਦਲ, ਬਿੱਲੋ ਕੌਰ,ਉੱਘੇ ਲੋਕ ਗਾਇਕ ਹਰਦੀਪ ਮੋਹਾਲੀ, ਪੰਮੀ ਬਾਈ, ਕ ਸ ਮੱਖਣ,ਰਣਜੀਤ ਮਣੀ , ਰਵਿੰਦਰ ਰੰਗੂ ਵਾਲ,ਸੁਰੇ਼ਸ਼ ਯਮਲਾ ਜੱਟ, ਬਿੱਟੂ ਖੰਨੇ ਵਾਲਾ, ਲਵਲੀ ਨਿਰਮਾਣ ਧੂਰੀ,ਜੈਮਨ ਚਮਕੀਲਾ, ਹਾਕਮ ਬਖ਼ਤੜੀਵਾਲਾ,ਚਮਕ ਚਮਕੀਲਾ, ਭਗਵੰਤ ਸਿੰਘ ਕਾਲਾ, ਮੰਗਾ ਸਿੰਘ ਗੁਰਭਾਈ, ਲਾਭ ਹੀਰਾ, ਸਤਵਿੰਦਰ ਬੁੱਗਾ, ਯੁੱਧਵੀਰ ਮਾਣਕ, ਰਾਜਿੰਦਰ ਮਲਹਾਰ, ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਦਿਲਬਾਗ ਸਿੰਘ ਹੁੰਦਲ ਤਰਨਤਾਰਨ, ਗੋਲਡੀ ਚੌਹਾਨ,ਸੰਗੀਤਕਾਰ ਕੁਲਜੀਤ, ਤੇਜਵੰਤ ਕਿੱਟੂ, ਸੁਖਪਾਲ ਸੁੱਖ,ਹਰਜੀਤ ਗੁੱਡੂ, ਕਰਣ ਵਰਮਾ, ਜੰਗਾ ਕੈਂਥ ,ਗੀਤਕਾਰ ਬਚਨ ਬੇਦਿਲ, ਗੁਲਜ਼ਾਰ ਸਿੰਘ ਸ਼ੌਂਕੀ,ਕਰਨੈਲ ਸਿਵੀਆ, ਵਿਨੋਦ ਸ਼ਾਇਰ, ਜਗਦੇਵ ਮਾਨ, ਪੰਜਾਬੀ ਲੇਖਕ ਅਸ਼ੋਕ ਬਾਂਸਲ ਮਾਨਸਾ, ਅਮਨ ਫੁੱਲਾਂਵਾਲ, ਅਜਮੇਰ ਸਿੰਘ ਚਾਨਾ ਅਪਰਾ, ਬਲਜੀਤ ਬੱਲੀ, ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ,ਸੰਗੀਤ ਦਰਪਨ ਦੇ ਮੁੱਖ ਸੰਪਾਦਕ ਤਰਨਜੀਤ ਸਿੰਘ ਕਿੰਨੜਾ, ਸੁਮਿਤ ਗੁਲਾਟੀ ਚੇਤਨਾ ਪ੍ਰਕਾਸ਼ਨ,ਰੀਕਾਰਡਿੰਗ ਕੰਪਨੀਆਂ ਦੇ ਮਾਲਕ ਰਾਜਿੰਦਰ ਸਿੰਘ ਫਾਈਨਟੋਨ, ਸੰਜੀਵ ਸੂਦ, ਵਿੱਕੀ ਮੋਦੀ, ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਡਾਃ ਨਿਰਮਲ ਜੌੜਾ, ਜਸਮੇਰ ਸਿੰਘ ਢੱਟ ਚੇਅਰਮੈਨ, ਸਭਿਆਚਾਰਕ ਸੱਥ ਪੰਜਾਬ ਤੋਂ ਇਲਾਵਾ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

Surinder-Chhinda


About Us


Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Surinder Dalla (Editor)

We are Social


Address


Pro Khabar
Haibowal Kalan, Ludhiana.
Mobile: +919855800879
Email: prokhabarpunjab@gmail.com

Copyright Pro Khabar | 2023
Website by: Webhead